ਤਾਜਾ ਖਬਰਾਂ
ਮਾਨਸਾ: ਜ਼ਿਲ੍ਹੇ ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਐਂਟੀ-ਡਰੱਗ ਟਾਸਕ ਫੋਰਸ ਦੇ ਮੁਖੀ ਪਰਵਿੰਦਰ ਸਿੰਘ ਝੋਟਾ ਨੂੰ ਕੁਝ ਹਮਲਾਵਰਾਂ ਨੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਅਤਿ-ਦੁਖਦਾਈ ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਹ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪਿਤਾ ਨੇ ਇਨਸਾਫ਼ ਦੀ ਮੰਗ ਕਰਦਿਆਂ ਲਾਸ਼ ਦਾ ਅੰਤਿਮ ਸਸਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਘਟਨਾ ਤੋਂ ਬਾਅਦ ਸਾਹਮਣੇ ਆਏ ਦਿਲ ਨੂੰ ਪਿਘਲਾ ਦੇਣ ਵਾਲੇ ਦ੍ਰਿਸ਼ ਵਿੱਚ, ਪਰਵਿੰਦਰ ਦੀ ਮਾਂ ਲਾਸ਼ ਕੋਲ ਬੈਠੀ ਧਾਹਾਂ ਮਾਰ ਕੇ ਰੋ ਰਹੀ ਸੀ। ਆਪਣੇ ਪੁੱਤਰ ਨਾਲ ਹੋਈ ਆਖਰੀ ਮੁਲਾਕਾਤ ਨੂੰ ਯਾਦ ਕਰਦਿਆਂ ਉਨ੍ਹਾਂ ਕੰਬਦੀ ਆਵਾਜ਼ ਵਿੱਚ ਦੱਸਿਆ ਕਿ ਘਰੋਂ ਨਿਕਲਣ ਵੇਲੇ ਪਰਮਿੰਦਰ ਨੇ ਉਨ੍ਹਾਂ ਦੇ ਪੈਰੀਂ ਹੱਥ ਲਾਏ ਸਨ।
"ਜਾਂਦੇ ਸਮੇਂ ਮੇਰੇ ਬੱਚੇ ਨੇ ਕਿਹਾ ਸੀ— 'ਮਾਂ, ਮੇਰੀ ਰੋਟੀ ਪਕਾ ਕੇ ਰੱਖੀਂ... ਪਰ ਹੁਣ ਉਨ੍ਹਾਂ ਨੇ ਮੇਰਾ ਸੋਨੇ ਵਰਗਾ ਪੁੱਤ ਮੈਥੋਂ ਸਦਾ ਲਈ ਖੋਹ ਲਿਆ ਹੈ।' ਮੇਰਾ ਪੁੱਤਰ ਤਾਂ ਸਿਰਫ਼ ਪੰਜਾਬ ਦੇ ਧੀਆਂ-ਪੁੱਤਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਲੜ ਰਿਹਾ ਸੀ। ਉਸ ਨੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਆਵਾਜ਼ ਉਠਾਈ ਸੀ, ਪਰ ਬਦਲੇ ਵਿੱਚ ਉਸ ਨੂੰ ਮੌਤ ਮਿਲ ਗਈ।"
ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਰਵਿੰਦਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਆਪਣੇ ਜਿਗਰ ਦੇ ਟੁਕੜੇ ਦੀ ਮੌਤ ਤੋਂ ਬਾਅਦ ਅਡੋਲ ਫ਼ੈਸਲਾ ਲੈਂਦਿਆਂ ਅੰਤਿਮ ਰਸਮਾਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਐਲਾਨ ਕੀਤਾ ਹੈ ਕਿ ਜਦੋਂ ਤੱਕ ਗੋਲੀਬਾਰੀ ਕਰਨ ਵਾਲੇ ਦੋਸ਼ੀ ਕਾਨੂੰਨ ਦੀ ਗ੍ਰਿਫ਼ਤ ਵਿੱਚ ਨਹੀਂ ਆਉਂਦੇ ਅਤੇ ਇਲਾਕੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਠੋਸ ਤੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਆਪਣੇ ਪੁੱਤਰ ਦਾ ਦਾਹ-ਸਸਕਾਰ ਨਹੀਂ ਕਰਨਗੇ।
ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਭਾਰੀ ਗੁੱਸਾ ਹੈ ਅਤੇ ਪ੍ਰਸ਼ਾਸਨ ਉੱਤੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
Get all latest content delivered to your email a few times a month.